ਸਮੂਏਲ ਦੁਆਰਾ ਰਾਜਾ ਹੋਣ ਲਈ ਸ਼ਾਊਲ ਨੂੰ ਮਸਹ ਕੀਤਾ ਜਾਣਾ

26ਅਤੇ ਉਹ ਸਵੇਰੇ ਹੀ ਉੱਠੇ ਅਤੇ ਅਜਿਹਾ ਹੋਇਆ ਜਾਂ ਦਿਨ ਚੜ੍ਹਨ ਲੱਗਾ ਤਾਂ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਤੇ ਫੇਰ ਸੱਦਿਆ ਅਤੇ ਆਖਿਆ, ਉੱਠ ਜੋ ਮੈਂ ਤੈਨੂੰ ਵਿਦਾ ਕਰਾਂ। ਸੋ ਸ਼ਾਊਲ ਉੱਠਿਆ, ਉਹ ਅਤੇ ਸਮੂਏਲ ਬਾਹਰ ਚੱਲੇ ਗਏ। 27ਜਦ ਉਹ ਸ਼ਹਿਰ ਦੇ ਸਿਰੇ ਵੱਲ ਉੱਤਰਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਆਪਣੇ ਦਾਸ ਨੂੰ ਆਗਿਆ ਦੇ ਜੋ ਸਾਡੇ ਤੋਂ ਅੱਗੇ-ਅੱਗੇ ਹੋ ਤੁਰੇ, ਸੋ ਉਹ ਅੱਗੇ ਹੋ ਗਿਆ, ਪਰ ਤੂੰ ਹੁਣ ਖੜ੍ਹਾ ਰਹਿ ਤਾਂ ਜੋ ਮੈਂ ਪਰਮੇਸ਼ੁਰ ਦਾ ਬਚਨ ਤੈਨੂੰ ਸੁਣਾਵਾਂ।

1ਫੇਰ ਸਮੂਏਲ ਨੇ ਇੱਕ ਕੁੱਪੀ ਤੇਲ ਉਹ ਦੇ ਸਿਰ ਉੱਤੇ ਉਂਡੇਲ ਦਿੱਤਾ ਅਤੇ ਉਸ ਨੂੰ ਚੁੰਮ ਕੇ ਆਖਿਆ, ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਹ ਦੀ ਵਿਰਾਸਤ ਦਾ ਪ੍ਰਧਾਨ ਬਣੇਂ? 2ਅੱਜ ਜਦ ਤੂੰ ਮੇਰੇ ਕੋਲੋਂ ਵਿਦਾ ਹੋਵੇਂਗਾ ਤਾਂ ਬਿਨਯਾਮੀਨ ਦੀ ਹੱਦ ਵਿੱਚ ਰਾਖ਼ੇਲ ਦੀ ਕਬਰ ਸਲਸਹ ਕੋਲ ਤੈਨੂੰ ਦੋ ਲੋਕ ਮਿਲਣਗੇ ਅਤੇ ਉਹ ਤੈਨੂੰ ਆਖਣਗੇ ਕਿ ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਗਧੀਆਂ ਲੱਭ ਗਈਆਂ ਹਨ, ਵੇਖ, ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫ਼ਿਕਰ ਹੋ ਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪੁੱਤਰ ਲਈ ਕੀ ਕਰਾਂ? 3ਫਿਰ ਤੂੰ ਉੱਥੋਂ ਲੰਘੇਂਗਾ ਅਤੇ ਤਾਬੋਰ ਦੇ ਬਲੂਤ ਹੇਠ ਪਹੁੰਚੇਗਾ ਤਾਂ ਉੱਥੋਂ ਤਿੰਨ ਲੋਕ ਜੋ ਪਰਮੇਸ਼ੁਰ ਦੇ ਅੱਗੇ ਬੈਤਏਲ ਵਿੱਚ ਜਾਂਦੇ ਹੋਣਗੇ ਤੈਨੂੰ ਮਿਲਣਗੇ। ਇੱਕ ਬੱਕਰੀ ਦੇ ਤਿੰਨ ਬੱਚੇ ਅਤੇ ਦੂਜਾ ਤਿੰਨ ਰੋਟੀਆਂ ਅਤੇ ਤੀਜੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ। 4ਉਹ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ, 5ਇਸ ਤੋਂ ਬਾਅਦ ਤੂੰ ਪਰਮੇਸ਼ੁਰ ਦੇ ਪਰਬਤ ਦੇ ਨੇੜੇ ਜਿੱਥੇ ਫ਼ਲਿਸਤੀਆਂ ਦੀ ਚੌਂਕੀ ਹੈ ਪਹੁੰਚੇਗਾ ਅਤੇ ਅਜਿਹਾ ਹੋਵੇਗਾ ਜਦ ਤੂੰ ਉੱਥੇ ਸ਼ਹਿਰ ਵਿੱਚ ਦਾਖਿਲ ਹੋਵੇਂ ਤਾਂ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਤੋਂ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮ ਵਾਕ ਕਰਦੇ ਹੋਣਗੇ। 6ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਕ ਬੋਲੇਂਗਾ ਸਗੋਂ ਤੂੰ ਇੱਕ ਅਲੱਗ ਤਰ੍ਹਾਂ ਦਾ ਮਨੁੱਖ ਬਣ ਜਾਵੇਂਗਾ 7ਅਤੇ ਅਜਿਹਾ ਹੋਵੇਗਾ ਜਦ ਇਹ ਨਿਸ਼ਾਨੀਆਂ ਤੇਰੇ ਉੱਤੇ ਪਰਗਟ ਹੋਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ; ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ। 8ਤੂੰ ਮੇਰੇ ਨਾਲੋਂ ਪਹਿਲਾਂ ਗਿਲਗਾਲ ਵੱਲ ਜਾ, ਮੈਂ ਤੇਰੇ ਕੋਲ ਆਵਾਂਗਾ ਜੋ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਵਾਂ। ਤੂੰ ਸੱਤਾਂ ਦਿਨਾਂ ਤੱਕ ਉੱਥੇ ਰਹਿ ਜਦ ਤੱਕ ਮੈਂ ਤੇਰੇ ਕੋਲ ਨਾ ਪਹੁੰਚਾ ਅਤੇ ਦੱਸਾਂ ਜੋ ਤੈਨੂੰ ਕੀ ਕਰਨਾ ਹੋਵੇਗਾ।

9ਜਿਵੇਂ ਹੀ ਉਹ ਸਮੂਏਲ ਕੋਲੋਂ ਮੁੜਿਆ ਤੇ ਪਿੱਠ ਫੇਰੀ ਤਾਂ ਉਸੇ ਵੇਲੇ ਪਰਮੇਸ਼ੁਰ ਨੇ ਉਸ ਨੂੰ ਇੱਕ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ। 10ਜਦ ਉਹ ਉਸ ਪਰਬਤ ਨੂੰ ਆਏ ਤਾਂ ਵੇਖੋ, ਉਸ ਨੂੰ ਇੱਕ ਨਬੀਆਂ ਦੀ ਟੋਲੀ ਮਿਲੀ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਜ਼ੋਰ ਨਾਲ ਆਇਆ ਅਤੇ ਉਹ ਵੀ ਉਨ੍ਹਾਂ ਨਾਲ ਅਗੰਮ ਵਾਕ ਬੋਲਣ ਲੱਗ ਪਿਆ 11ਅਤੇ ਜਦ ਉਹ ਦੇ ਜਾਣਨ ਵਾਲਿਆਂ ਨੇ ਉਹ ਨੂੰ ਨਬੀਆਂ ਦੇ ਵਿਚਕਾਰ ਅਗੰਮ ਵਾਕ ਬੋਲਦਿਆਂ ਦੇਖਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, ਕੀਸ਼ ਦੇ ਪੁੱਤਰ ਨੂੰ ਕੀ ਹੋਇਆ? ਕੀ ਸ਼ਾਊਲ ਵੀ ਨਬੀਆਂ ਦੇ ਵਿੱਚ ਹੈ? 12ਉਨ੍ਹਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਲਾ ਉਹਨਾਂ ਦਾ ਪਿਤਾ ਕੌਣ ਹੈ? ਤਦੋਂ ਦੀ ਇਹ ਕਹਾਉਤ ਬਣ ਗਈ, “ਭਲਾ, ਸ਼ਾਊਲ ਵੀ ਨਬੀਆਂ ਵਿੱਚੋਂ ਹੈ?” 13ਜਦ ਉਹ ਅਗੰਮ ਵਾਕ ਬੋਲ ਚੁੱਕਿਆ ਤਾਂ ਉੱਚੇ ਥਾਂ ਨੂੰ ਗਿਆ।

14ਉੱਥੇ ਸ਼ਾਊਲ ਦੇ ਚਾਚੇ ਨੇ ਉਹ ਨੂੰ ਅਤੇ ਉਹ ਦੇ ਟਹਿਲੂਏ ਨੂੰ ਆਖਿਆ, ਤੁਸੀਂ ਕਿੱਥੇ ਗਏ ਸੀ? ਉਹ ਨੇ ਆਖਿਆ, ਗਧੀਆਂ ਨੂੰ ਲੱਭਣ ਅਤੇ ਜਦ ਅਸੀਂ ਵੇਖਿਆ ਜੋ ਉਹ ਸਾਨੂੰ ਨਾ ਮਿਲੀਆਂ ਤਦ ਅਸੀਂ ਸਮੂਏਲ ਕੋਲ ਗਏ। 15ਫੇਰ ਸ਼ਾਊਲ ਦਾ ਚਾਚਾ ਬੋਲਿਆ, ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਆਖਿਆ? 16ਸ਼ਾਊਲ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਸਿੱਧਾ ਆਖ ਦਿੱਤਾ ਕਿ ਗਧੀਆਂ ਲੱਭ ਪਈਆਂ ਹਨ ਪਰ ਜਿਹੜੀ ਉਹ ਨੂੰ ਸਮੂਏਲ ਨੇ ਰਾਜ ਦੀ ਗੱਲ ਆਖੀ ਸੀ ਉਹ ਨਾ ਦੱਸੀ।