ਸਮੂਏਲ ਦਾ ਜਨਮ ਅਤੇ ਅਰਪਣ

19ਅਗਲੇ ਦਿਨ ਉਹਨਾਂ ਸਵੇਰੇ ਉੱਠ ਕੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ਅਤੇ ਮੁੜ ਕੇ ਰਾਮਾਹ ਵਿੱਚ ਆਪਣੇ ਘਰ ਆਏ। ਤਦ ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸੰਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ, 20ਹੰਨਾਹ ਦੇ ਗਰਭਵਤੀ ਹੋਣ ਦੇ ਪਿੱਛੋਂ ਜਦ ਦਿਨ ਪੂਰੇ ਹੋਏ ਤਾਂ ਉਸਨੇ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ।

21ਉਹ ਮਨੁੱਖ ਅਲਕਾਨਾਹ ਆਪਣੇ ਸਾਰੇ ਟੱਬਰ ਨਾਲ ਉਸ ਸਾਲ ਦੀ ਭੇਟ ਅਤੇ ਸੁੱਖਣਾ ਯਹੋਵਾਹ ਅੱਗੇ ਚੜਾਉਣ ਨੂੰ ਗਿਆ। 22ਪਰ ਹੰਨਾਹ ਉਹਨਾਂ ਨਾਲ ਨਹੀਂ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਂਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ। 23ਇਸ ਲਈ ਉਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹੀ ਕਰ। ਜਦ ਤੱਕ ਤੂੰ ਉਸ ਦਾ ਦੁੱਧ ਨਾ ਛੁਡਾਵੇਂ ਇੱਥੇ ਹੀ ਰਹਿ। ਸਿਰਫ਼ ਯਹੋਵਾਹ ਆਪਣੇ ਬਚਨ ਨੂੰ ਪੂਰਾ ਕਰੇ। ਇਸ ਲਈ ਉਹ ਇਸਤਰੀ ਉੱਥੇ ਠਹਿਰੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ, ਜਦ ਤੱਕ ਉਸ ਦਾ ਦੁੱਧ ਨਾ ਛੁਡਾਇਆ ਗਿਆ।

24ਜਦ ਉਹ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿੱਲੋ ਆਟਾ ਅਤੇ ਦਾਖ਼ਰਸ ਦੀ ਇੱਕ ਮੇਸ਼ੇਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ। 25ਤਦ ਉਨ੍ਹਾਂ ਨੇ ਵੱਛੇ ਨੂੰ ਭੇਂਟ ਚੜਾਇਆ ਅਤੇ ਬਾਲਕ ਨੂੰ ਏਲੀ ਕੋਲ ਲੈ ਆਏ 26ਅਤੇ ਉਹ ਬੋਲੀ, ਹੇ ਮੇਰੇ ਸੁਆਮੀ, ਤੇਰੇ ਜੀਵਨ ਦੀ ਸਹੁੰ, ਹੇ ਸੁਆਮੀ, ਮੈਂ ਉਹੋ ਇਸਤਰੀ ਹਾਂ ਜਿਸ ਨੇ ਤੇਰੇ ਕੋਲ ਇੱਥੇ ਖੜ੍ਹੇ ਹੋ ਕੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਸੀ 27ਮੈਂ ਇਸ ਬਾਲਕ ਦੇ ਲਈ ਪ੍ਰਾਰਥਨਾ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਬੇਨਤੀ ਜੋ ਮੈਂ ਉਸ ਕੋਲੋਂ ਮੰਗੀ ਸੀ, ਪੂਰੀ ਕੀਤੀ 28ਇਸ ਲਈ ਮੈਂ ਵੀ ਇਹ ਨੂੰ ਯਹੋਵਾਹ ਨੂੰ ਦੇ ਦਿੱਤਾ ਹੈ। ਜਦ ਤੱਕ ਇਹ ਜੀਉਂਦਾ ਰਹੇ, ਇਹ ਯਹੋਵਾਹ ਨੂੰ ਦਿੱਤਾ ਹੋਇਆ ਹੀ ਰਹੇ ਅਤੇ ਉਸ ਨੇ ਯਹੋਵਾਹ ਨੂੰ ਉੱਥੇ ਮੱਥਾ ਟੇਕਿਆ।