ਯਿਸੂ ਮਸੀਹ ਦਾ ਦੁਬਾਰਾ ਆਉਣਾ

13ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ, ਤੁਸੀਂ ਪਰਾਈਆਂ ਕੌਮਾਂ ਦੀ ਤਰ੍ਹਾਂ ਸੋਗ ਕਰੋ, ਜਿਨ੍ਹਾਂ ਨੂੰ ਕੋਈ ਆਸ ਨਹੀਂ। 14ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ। 15ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਕਿ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਜਿਉਂਦੇ ਰਹਿੰਦੇ ਹਾਂ, ਉਹਨਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ। 16ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। 17ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ, ਬੱਦਲਾਂ ਉੱਤੇ ਅਚਾਨਕ ਉੱਠਾਏ ਜਾਂਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ। 18ਸੋ ਤੁਸੀਂ ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦੇਵੋ।