ਜਾਣ-ਪਛਾਣ
1ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਲਿਖੀ, ਜਿਹੜੀਆਂ ਯਿਸੂ ਕਰਦਾ ਅਤੇ ਸਿਖਾਉਂਦਾ ਰਿਹਾ। 2ਉਸ ਦਿਨ ਤੱਕ ਉਨ੍ਹਾਂ ਰਸੂਲਾਂ ਨੂੰ, ਜਿਹੜੇ ਉਸ ਨੇ ਚੁਣੇ ਸਨ, ਪਵਿੱਤਰ ਆਤਮਾ ਦੇ ਰਾਹੀਂ ਆਗਿਆ ਦੇ ਕੇ ਉਤਾਹਾਂ ਉਠਾ ਲਿਆ ਗਿਆ। 3ਉਸ ਨੇ ਦੁੱਖ ਭੋਗਣ ਦੇ ਮਗਰੋਂ, ਆਪਣੇ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪਰਗਟ ਕੀਤਾ ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ। 4ਅਤੇ ਚੇਲਿਆਂ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹੋ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ। 5ਕਿਉਂਕਿ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।


