ਸੌਲੁਸ ਦਾ ਮਸੀਹੀ ਹੋਣਾ

ਰਸੂਲਾਂ ਦੇ ਕਰਤੱਬ 22:6-16; 26:12-18

1ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਂਦਾ ਅਤੇ ਉਹਨਾਂ ਦਾ ਕਤਲ ਕਰਦਾ, ਪ੍ਰਧਾਨ ਜਾਜਕ ਦੇ ਕੋਲ ਗਿਆ। 2ਅਤੇ ਉਸ ਦੇ ਕੋਲੋਂ ਦੰਮਿਸ਼ਕ ਦੇ ਪ੍ਰਾਰਥਨਾ ਘਰਾਂ ਦੇ ਨਾਮ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹਨਾਂ ਨੂੰ ਬੰਨ ਕੇ, ਯਰੂਸ਼ਲਮ ਵਿੱਚ ਲਿਆਵਾਂ। 3ਜਦੋਂ ਉਹ ਚੱਲਿਆ ਜਾਂਦਾ ਸੀ, ਤਦ ਇਸ ਤਰ੍ਹਾਂ ਹੋਇਆ ਜੋ ਉਹ ਦੰਮਿਸ਼ਕ ਦੇ ਨੇੜੇ ਆਇਆ ਅਤੇ ਅਚਾਨਕ ਅਕਾਸ਼ ਵਿੱਚੋਂ ਇੱਕ ਜੋਤੀ ਉਹ ਦੇ ਆਲੇ-ਦੁਆਲੇ ਚਮਕੀ, 4ਤਾਂ ਉਹ ਹੇਠਾਂ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ, ਜੋ ਉਸ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? 5ਉਸ ਨੇ ਪੁੱਛਿਆ, ਪ੍ਰਭੂ ਜੀ, ਤੁਸੀਂ ਕੌਣ ਹੋ? ਉਸ ਨੇ ਕਿਹਾ, ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ। 6ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ। 7ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ, ਉਹ ਚੁੱਪ-ਚਾਪ ਖੜੇ ਰਹੇ ਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ। 8ਸੌਲੁਸ ਜ਼ਮੀਨ ਤੋਂ ਉੱਠਿਆ ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਉਹ ਦਾ ਹੱਥ ਫੜ੍ਹ ਕੇ ਦੰਮਿਸ਼ਕ ਵਿੱਚ ਲਿਆਏ। 9ਅਤੇ ਉਹ ਤਿੰਨ ਦਿਨ ਤੱਕ ਕੁਝ ਵੇਖ ਨਾ ਸਕਿਆ ਅਤੇ ਨਾ ਕੁਝ ਖਾਧਾ ਨਾ ਪੀਤਾ।

10ਦੰਮਿਸ਼ਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ। ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, ਹਨਾਨਿਯਾਹ! ਉਸ ਨੇ ਆਖਿਆ, ਪ੍ਰਭੂ ਜੀ ਵੇਖ, ਮੈਂ ਹਾਜ਼ਰ ਹਾਂ। 11ਤਾਂ ਪ੍ਰਭੂ ਨੇ ਉਹ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜਾ ਜੋ “ਸਿੱਧੀ” ਕਹਾਉਂਦੀ ਹੈ, ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ। 12ਅਤੇ ਉਸ ਨੇ ਹਨਾਨਿਯਾਹ ਨਾਮ ਦੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ। 13ਪਰ ਹਨਾਨਿਯਾਹ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ, ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਬਹੁਤ ਬੁਰਿਆਈ ਕੀਤੀ ਹੈ! 14ਅਤੇ ਉਸ ਨੇ ਮੁੱਖ ਜਾਜਕਾਂ ਦੀ ਵੱਲੋਂ ਇਸ ਗੱਲ ਦਾ ਅਧਿਕਾਰ ਪਾਇਆ ਹੈ ਕਿ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਸਤਾਵੇ। 15ਪਰ ਪ੍ਰਭੂ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ, ਜੋ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਪਰਜਾ ਅੱਗੇ ਮੇਰੇ ਨਾਮ ਦੀ ਚਰਚਾ ਕਰੇ। 16ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਝੱਲਣਾ ਪਵੇਗਾ। 17ਤਦ ਹਨਾਨਿਯਾਹ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਤੇ ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲੁਸ, ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ। 18ਉਸੇ ਘੜੀ ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ ਅਤੇ ਭੋਜਨ ਖਾਧਾ ਅਤੇ ਬਲ ਪ੍ਰਾਪਤ ਕੀਤਾ।