ਪਰਮੇਸ਼ੁਰ ਵੱਲੋਂ ਇਸਰਾਏਲ ਦੇ ਲਈ ਨਵੇਂ ਜੀਵਨ ਦਾ ਵਾਅਦਾ

4ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ,

ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ,

ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹੱਟ ਗਿਆ ਹੈ।

5ਮੈਂ ਇਸਰਾਏਲ ਲਈ ਤ੍ਰੇਲ ਵਾਂਗੂੰ ਹੋਵਾਂਗਾ,

ਉਹ ਸੋਸਨ ਵਾਂਗੂੰ ਹਰਾ-ਭਰਾ ਹੋਵੇਗਾ,

ਅਤੇ ਲਬਾਨੋਨ ਵਾਂਗੂੰ ਆਪਣੀ ਜੜ੍ਹ ਫੜ੍ਹੇਗਾ।

6ਉਹ ਦੀਆਂ ਟਹਿਣੀਆਂ ਫੈਲਣਗੀਆਂ,

ਉਹ ਦਾ ਸੁਹੱਪਣ ਜ਼ੈਤੂਨ ਦੇ ਰੁੱਖ ਵਾਂਗੂੰ ਹੋਵੇਗਾ,

ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਗੂੰ।

7ਲੋਕ ਉਹ ਦੇ ਸਾਏ ਦੇ ਵਿੱਚ ਮੁੜਨਗੇ,

ਉਹ ਕਣਕ ਵਾਂਗੂੰ ਜੀਉਣਗੇ,

ਅਤੇ ਅੰਗੂਰੀ ਬੇਲ ਵਾਂਗੂੰ ਹਰੇ ਭਰੇ ਹੋ ਜਾਣਗੇ,

ਉਨ੍ਹਾਂ ਦੀ ਮਸ਼ਹੂਰੀ ਲਬਾਨੋਨ ਦੀ ਮੈਅ ਵਰਗੀ ਹੋਵੇਗੀ।

8ਹੇ ਇਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ?

ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ,

ਮੈਂ ਹਰੇ ਸਰੂ ਵਾਂਗੂੰ ਹਾਂ,

ਤੇਰਾ ਫਲ ਮੇਰੇ ਤੋਂ ਹੀ ਮਿਲਦਾ ਹੈ।