ਕਨਾਨ ਉੱਤੇ ਹਮਲੇ ਦਾ ਨਿਰਦੇਸ਼
50ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਯਹੋਵਾਹ ਨੇ ਮੂਸਾ ਨੂੰ ਆਖਿਆ, 51ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਯਰਦਨ ਦੇ ਪਾਰ ਕਨਾਨ ਦੇਸ ਵਿੱਚ ਪਹੁੰਚੋ 52ਤਾਂ ਤੁਸੀਂ ਉਸ ਦੇਸ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਘੜ੍ਹੇ ਹੋਏ ਪੱਥਰਾਂ, ਢਾਲ਼ੇ ਹੋਏ ਬੁੱਤਾਂ ਨੂੰ ਅਤੇ ਉਨ੍ਹਾਂ ਦੇ ਪੂਜਾ ਦੇ ਉੱਚੇ ਸਥਾਨਾਂ ਨੂੰ ਢਾਹ ਸੁੱਟੋ। 53ਅਤੇ ਤੁਸੀਂ ਉਸ ਦੇਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਉਹ ਦੇਸ ਤੁਹਾਨੂੰ ਦਿੱਤਾ ਹੈ ਕਿ ਤੁਸੀਂ ਉਸ ਉੱਤੇ ਕਬਜ਼ਾ ਕਰੋ। 54ਤੁਸੀਂ ਪਰਚੀਆਂ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਵੰਡ ਲਓ। ਬਹੁਤਿਆਂ ਨੂੰ ਤੁਸੀਂ ਜ਼ਿਆਦਾ ਜ਼ਮੀਨ ਦਿਓ ਅਤੇ ਥੋੜ੍ਹਿਆਂ ਨੂੰ ਘੱਟ ਜ਼ਮੀਨ ਦਿਓ। ਜਿੱਥੇ ਕਿਸੇ ਦੀ ਪਰਚੀ ਨਿੱਕਲੇ ਉੱਥੇ ਉਸ ਦੀ ਜ਼ਮੀਨ ਹੋਵੇ। ਆਪਣੇ ਪੁਰਖਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਜ਼ਮੀਨ ਵੰਡ ਲਿਓ। 55ਪਰ ਜੇ ਤੁਸੀਂ ਉਸ ਦੇਸ ਦੇ ਵਸਨੀਕਾਂ ਨੂੰ ਆਪਣੇ ਅੱਗੋਂ ਨਾ ਕੱਢੋ ਤਾਂ ਅਜਿਹਾ ਹੋਵੇਗਾ ਕਿ ਉਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਰੜਕਣਗੇ ਅਤੇ ਤੁਹਾਡੀਆਂ ਪਸਲੀਆਂ ਵਿੱਚ ਕੰਡੇ ਹੋਣਗੇ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁੱਖ ਦੇਣਗੇ। 56ਤਾਂ ਅਜਿਹਾ ਹੋਵੇਗਾ ਕਿ ਜਿਵੇਂ ਮੈਂ ਉਨ੍ਹਾਂ ਨਾਲ ਕਰਨ ਦਾ ਮਨ ਬਣਾਇਆ ਹੈ ਉਹ ਹੀ ਤੁਹਾਡੇ ਨਾਲ ਕਰਾਂਗਾ!


