ਯੂਹੰਨਾ ਨੂੰ ਮਸੀਹ ਦਾ ਦਰਸ਼ਣ

9ਮੈਂ ਯੂਹੰਨਾ, ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ, ਉਸ ਬਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ, ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਗਵਾਹੀ ਦੇਣ ਦੇ ਕਾਰਨ ਉਸ ਟਾਪੂ ਵਿੱਚ ਸੀ, ਜਿਸ ਨੂੰ ਪਾਤਮੁਸ ਕਿਹਾ ਜਾਂਦਾ ਹੈ। 10ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ, 11ਕਿ ਜੋ ਕੁਝ ਤੂੰ ਵੇਖਦਾ ਹੈਂ, ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਯਾਵਾਂ ਨੂੰ ਭੇਜ ਦੇ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ। 12ਅਤੇ ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ, ਵੇਖਣ ਲਈ ਮੁੜਿਆ ਅਤੇ ਜਦ ਮੁੜਿਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ। 13ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਵਰਗਾ ਕੋਈ ਵੇਖਿਆ, ਜਿਸ ਨੇ ਪੈਰਾਂ ਤੱਕ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14ਉਹ ਦਾ ਸਿਰ ਅਤੇ ਵਾਲ਼ ਉੱਨ ਦੇ ਵਾਂਗੂੰ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ, ਅਤੇ ਉਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਸਨ। 15ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਸਨ, ਜਿਵੇਂ ਉਹ ਭੱਠੀ ਵਿੱਚ ਤਾਇਆ ਹੋਵੇ ਅਤੇ ਉਹ ਦੀ ਅਵਾਜ਼ ਬਹੁਤੇ ਪਾਣੀਆਂ ਦੀ ਘੂਕ ਵਰਗੀ ਸੀ। 16ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੋਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ, ਅਤੇ ਉਹ ਦਾ ਚਿਹਰਾ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ। 17ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਆਖਰੀ ਹਾਂ 18ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। 19ਇਸ ਲਈ ਜੋ ਕੁਝ ਤੂੰ ਵੇਖਿਆ, ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਬਾਅਦ ਹੋਣ ਵਾਲਾ ਹੈ, ਸੋ ਤੂੰ ਲਿਖ ਲੈ। 20ਅਰਥਾਤ ਉਹਨਾਂ ਸੱਤ ਤਾਰਿਆਂ ਦਾ ਭੇਤ ਜਿਹੜੇ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਸਨ ਅਤੇ ਉਹਨਾਂ ਸੱਤ ਸੋਨੇ ਦੇ ਸ਼ਮਾਦਾਨਾਂ ਦਾ, ਉਹ ਸੱਤ ਤਾਰੇ ਸੱਤਾਂ ਕਲੀਸਿਯਾਵਾਂ ਦੇ ਦੂਤ ਹਨ ਅਤੇ ਉਹ ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ।